ਵਿਸ਼ਵਕਰਮਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਵਿਦਿਆਰਥੀ ਸੁਮਿਤ ਨੇ ਸਿਰਜਿਆ ਨਵਾਂ ਇਤਿਹਾਸ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 18 ਅਪ੍ਰੈਲ 2024- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ’ਚ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਵਿਸ਼ਵਕਰਮਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਨੇ ਨਵਾਂ ਇਤਿਹਾਸ ਸਿਰਜਿਆ ਹੈ। ਸਕੂਲ ਦੇ ਵਿਦਿਆਰਥੀ ਸੁਮਿਤ ਪੁੱਤਰ ਸੁਮੇਰ ਸਿੰਘ ਨੇ 650 ’ਚੋਂ 627 ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਰਿਟ ਸੂਚੀ ’ਚ 19 ਵਾਂ ਸਥਾਨ ਪ੍ਰਾਪਤ ਕਰਕੇ ਸਕੂਲ, ਅਧਿਆਪਕਾਂ ਤੇ ਮਾਪਿਆਂ ਦੇ ਨਾਮ ਨੂੰ ਚਾਰ ਚੰਨ ਲਗਾਏ ਹਨ। ਸਕੂਲ ਦੇ ਪਿ੍ਰੰਸੀਪਲ ਗੁਰਿੰਦਰ ਕੌਰ ਰੂਪਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀ, ਉਸ ਦੇ ਅਧਿਆਪਕਾਂ ਅਤੇ ਉਸ ਦੇ ਮਾਤਾ-ਪਿਤਾ ਵੱਲੋਂ ਕਰਵਾਈ ਮਿਹਨਤ ਸਦਕਾ ਵਿਦਿਆਰਥੀ ਨੇ ਪੰਜਾਬ ਭਰ ’ਚ ਆਪਣਾ, ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਭਵਿੱਖ ’ਚ ਸਕੂਲ ਬੁਲੰਦੀਆਂ ਛੂਹਦਾ ਰਹੇਗਾ। ਉਨ੍ਹਾਂ ਵਿਦਿਆਰਥੀ ਨੂੰ ਇਸ ਮਾਣਮੱਤੀ ਪ੍ਰਾਪਤੀ ਤੇ ਵਧਾਈ ਦਿੰਦਿਆਂ ਭਵਿੱਖ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਿ੍ਰੰਸੀਪਲ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸੁਮਿਤ ਨੂੰ ਵਧਾਈਆਂ ਦਿੱਤੀਆਂ । ਇਸ ਵਿਦਿਆਰਥੀ, ਅਧਿਆਪਕਾਂ, ਮਾਪਿਆਂ ਤੇ ਸਕੂਲ ਪ੍ਰਬੰਧਕਾਂ ਨੂੰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਬਿ੍ਰਜ ਮੋਹਨ ਸਿੰਘ ਬੇਦੀ, ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਅੰਜੂ ਸੇਠੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਪ੍ਰਦੀਪ ਦਿਓੜਾ, ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਪਵਨ ਕੁਮਾਰ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਨੇ ਵਧਾਈ ਦਿੱਤੀ ਹੈ।